ਗਣਤੰਤਰ ਦਿਵਸ-2023 ਦੇ ਮੌਕੇ 'ਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ ਦਾ 26 ਜਨਵਰੀ, 2023 ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਸੰਦੇਸ਼

ਪਿਆਰੇ ਨਾਗਰਿਕੋ,

ਸਾਡੇ ਦੇਸ਼ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ, ਮੈਂ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਲੋਕਾਂ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ, ਅਸੀਂ ਦਿਲੋਂ ਧੰਨਵਾਦੀ ਹਾਂ, ਉਹਨਾਂ ਬਹਾਦਰ ਆਜ਼ਾਦੀ ਘੁਲਾਟੀਆਂ ਦੇ ਜਿਨਾਂ ਨੇ ਅਥਾਹ ਮੁਸੀਬਤਾਂ ਅਤੇ ਤਸੀਹੇ ਝੱਲਦਿਆਂ ਸਾਨੂੰ ਆਜ਼ਾਦੀ ਦਿਵਾਈ ਅਤੇ  ਲੋਕਤੰਤਰੀ ਢਾਂਚੇ ਦੀ ਨੀਂਹ ਰੱਖੀ।

1950 ਵਿੱਚ ਅੱਜ ਦੇ ਦਿਨ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਲੋਕਤਾਂਤਿ੍ਰਕ ਦੇਸ਼ ਬਣਿਆ। ਸਾਡੇ ਸੰਸਥਾਪਕਾਂ ਦਾ ਦਿਲੋਂ ਧੰਨਵਾਦ, ਜਿਨਾਂ ਨੇ ਲੋਕਾਂ ਦੇ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਦੇ ਰੂਪ ਵਿੱਚ ਸਾਡੇ ਸੰਵਿਧਾਨ ਵਿੱਚ ਨਿਆਂ, ਆਜ਼ਾਦੀ ਅਤੇ ਬਰਾਬਰਤਾ ਨੂੰ ਬਣਦੀ ਅਹਿਮੀਅਤ ਦਿੱਤੀ। ਅਧਿਕਾਰ ਅਤੇ ਕਰਤੱਵ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਸੰਵਿਧਾਨ ਵਿੱਚ ਦਰਸਾਏ ਮੌਲਿਕ ਕਰਤੱਵਾਂ ਦੀ ਨਾਗਰਿਕਾਂ ਵੱਲੋਂ ਪਾਲਣਾ, ਮੌਲਿਕ ਅਧਿਕਾਰਾਂ ਦਾ ਅਨੰਦ ਲੈਣ ਲਈ ਉਚਿਤ ਮਾਹੌਲ ਸਿਰਜਦੀ ਹੈ।

ਇਸ ਲਈ, ਇਹ ਇਤਿਹਾਸਕ ਦਿਨ ਖੁਸ਼ੀ ਦਾ ਦਿਨ ਹੈ ਅਤੇ ਇਸ ਦੇ ਨਾਲ ਹੀ, ਇਹ ਸਾਡੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਉਪਾਅ ਕਰਨ ਲਈ, ਸਾਡੀਆਂ ਊਣਤਾਈਆਂ ਅਤੇ ਤਰੁਟੀਆਂ ਦੇ ਵਿਸ਼ਲੇਸ਼ਣ ਅਤੇ ਸੁਹਿਰਦ ਆਤਮ-ਨਿਰੀਖਣ ਦਾ ਮੌਕਾ ਹੈ।

ਮੈਨੂੰ ਭਰੋਸਾ ਹੈ ਕਿ ਪੰਜਾਬ ਅਤੇ ਚੰਡੀਗੜ ਦੇ ਲੋਕ, ਜੋ ਕਿ ਬਦਲਾਅ ਲਈ ਹਰ ਅੰਦੋਲਨ ਵਿੱਚ ਹਮੇਸ਼ਾ ਮੋਹਰੀ ਰਹੇ ਹਨ, ਬਾਕੀ ਦੇਸ਼ ਲਈ ਆਦਰਸ਼ ਬਣ ਕੇ ਉਭਰਨਗੇ।

ਆਓ, ਇਸ ਦਿਨ ਅਸੀਂ ਖੁਦ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਆਦਰਸ਼ਾਂ ਲਈ ਸਮਰਪਿਤ ਕਰਨ ਅਤੇ ਪੰਜਾਬ, ਚੰਡੀਗੜ ਅਤੇ ਦੇਸ਼ ਨੂੰ ਮਜਬੂਤ ਅਤੇ ਜੀਵੰਤ ਬਣਾਉਣ ਲਈ ਵਚਨਬੱਧਤਾ, ਸਮਰਪਣ, ਸੱਚ ਅਤੇ ਦਿ੍ਰੜਤਾ ਨਾਲ ਕੰਮ ਕਰਨ ਲਈ ਮੁੜ ਅਹਿਦ ਲਈਏ।

ਇੱਕ ਵਾਰ ਫਿਰ ਮੈਂ ਗਣਤੰਤਰ ਦਿਵਸ 'ਤੇ ਆਪ ਸਭ ਨੂੰ ਦਿਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਜੈ ਹਿੰਦ।